(Punjab Bureau) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਗਰ ਪੰਚਾਇਤ ਮਾਹਿਲਪੁਰ ਵਿਖੇ ਤਾਇਨਾਤ ਜੂਨੀਅਰ ਸਹਾਇਕ ਸ਼ੀਸ਼ਪਾਲ ਨੂੰ 24,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ।
ਮੁਲਜ਼ਮ ਜੂਨੀਅਰ ਸਹਾਇਕ ਨੂੰ ਰਵਿੰਦਰ ਕੁਮਾਰ ਵਾਸੀ ਊਨਾ (ਹਿਮਾਚਲ ਪ੍ਰਦੇਸ਼) ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰਵਿੰਦਰ ਕੁਮਾਰ ਨੇ ਮਿਤੀ 14-07-2023 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ “9501 200 200” ‘ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 2011 ਤੋਂ 2016 ਤੱਕ ਨਗਰ ਪੰਚਾਇਤ, ਮਾਹਿਲਪੁਰ ਵਿਖੇ ਸੈਕਸ਼ਨ ਅਫ਼ਸਰ ਵਜੋਂ ਤਾਇਨਾਤ ਸੀ ਅਤੇ ਉਸ ਵਿਰੁੱਧ ਥਾਣਾ ਮਾਹਿਲਪੁਰ ਵਿਖੇ ਆਈ.ਪੀ.ਸੀ. ਦੀ ਧਾਰਾ 306, 506 ਤਹਿਤ ਦਰਜ ਕੀਤੇ ਗਏ ਕੇਸ ਵਿੱਚ ਦੋਸ਼ੀ ਪਾਏ ਜਾਣ ਉਪਰੰਤ ਉਸ ਨੂੰ 28-12-2021 ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
ਸ਼ਿਕਾਇਤਕਰਤਾ ਅਨੁਸਾਰ, ਉਸਨੇ ਆਪਣਾ ਪ੍ਰੋਵੀਡੈਂਟ ਫੰਡ (ਪੀ.ਐਫ.) 3,40,116 ਰੁਪਏ ਜਾਰੀ ਕਰਵਾਉਣ ਲਈ ਕਾਰਜਸਾਧਕ ਅਫ਼ਸਰ (ਈ.ਓ.) ਦੇ ਦਫ਼ਤਰ ਵਿੱਚ ਅਰਜ਼ੀਆਂ ਦਿੱਤੀਆਂ ਅਤੇ ਉਸਦੇ ਵਟਸਐਪ ਨੰਬਰ ‘ਤੇ ਸੰਦੇਸ਼ ਵੀ ਭੇਜੇ। ਮੁਲਜ਼ਮ ਜੂਨੀਅਰ ਸਹਾਇਕ ਸ਼ੀਸ਼ਪਾਲ ਨੇ ਪੀ.ਐੱਫ. ਦੀ ਰਕਮ ਜਾਰੀ ਕਰਵਾਉਣ ਬਦਲੇ 22-06-2023 ਨੂੰ ਉਸ ਤੋਂ ਰਿਸ਼ਵਤ ਮੰਗੀ ਅਤੇ ਉਸ ਨੇ ਮੁਲਜ਼ਮ ਜੂਨੀਅਰ ਸਹਾਇਕ ਵੱਲੋਂ ਭੇਜੇ ਆਪਣੇ ਨਿੱਜੀ ਬੈਂਕ ਖਾਤੇ ਵਿਚ ਰਿਸ਼ਵਤ ਦੇ 24000 ਰੁਪਏ ਟਰਾਂਸਫਰ ਕਰ ਦਿੱਤੇ। ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਨੇ ਮੁਲਜ਼ਮ ਸ਼ੀਸ਼ਪਾਲ ਖਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਐਫ.ਆਈ.ਆਰ. ਨੰਬਰ 18 ਮਿਤੀ 22-07-2023 ਦਰਜ ਕਰਨ ਬਾਅਦ ਅੱਜ ਉਸਨੂੰ ਗ੍ਰਿਫ਼ਤਾਰ ਕਰ ਲਿਆ।