ਉਪ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ 70ਵੀਂ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀ ਦੀ ਸੈਨੇਟ, ਸਿੰਡੀਕੇਟ, ਸਟੂਡੈਂਟਸ ਯੂਨੀਅਨ, ਟੀਚਰਜ਼ ਅਤੇ ਨੌਨ-ਟੀਚਰਜ਼ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ
ਸਾਬਕਾ ਸੀਜੇਆਈ ਅਤੇ ਸੰਸਦ ਮੈਂਬਰ, ਸ਼੍ਰੀ ਰੰਜਨ ਗੋਗੋਈ ਅਤੇ ਪਰਉਪਕਾਰੀ, ਸ਼੍ਰੀਮਤੀ ਸੁਧਾ ਮੂਰਤੀ ਨੂੰ ਆਨਰੇਰੀ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ
ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਵਿਦਿਆਰਥੀਆਂ ਨੂੰ “ਅਣਥੱਕ ਮਿਹਨਤ ਕਰਨ, ਮੌਕਿਆਂ ਦਾ ਲਾਭ ਉਠਾਉਣ ਅਤੇ 2047, ਜਦੋਂ ਰਾਸ਼ਟਰ ਆਪਣੀ ਆਜ਼ਾਦੀ ਦੀ ਸ਼ਤਾਬਦੀ ਮਨਾਏਗਾ, ਲਈ ਇੱਕ ਨਵੇਂ ਭਾਰਤ ਦਾ ਬਲੂਪ੍ਰਿੰਟ ਤਿਆਰ ਕਰਨ ਦਾ ਸੱਦਾ ਦਿੱਤਾ।” ਵਿਦਿਆਰਥੀਆਂ ਨੂੰ ਚੁਣੌਤੀਆਂ ਵਿੱਚੋਂ ਮੌਕੇ ਸਿਰਜਣ ਲਈ ਉਤਸ਼ਾਹਿਤ ਕਰਦੇ ਹੋਏ, ਉਨ੍ਹਾਂ ਸੁਝਾਅ ਦਿੱਤਾ ਕਿ “ਤੁਹਾਡੇ ਦਿਮਾਗ ਵਿੱਚ ਇੱਕ ਸ਼ਾਨਦਾਰ ਵਿਚਾਰ ਹੋਣ ਤੋਂ ਵੱਧ ਖ਼ਤਰਨਾਕ ਹੋਰ ਕੋਈ ਚੀਜ਼ ਨਹੀਂ ਹੈ। ਆਪਣੀ ਪ੍ਰਤਿਭਾ ਨੂੰ ਉਜਾਗਰ ਕਰਕੇ ਅਤੇ ਆਪਣੀ ਸਮਰੱਥਾ ਨੂੰ ਵਰਤ ਕੇ ਵਿਚਾਰਾਂ ‘ਤੇ ਅਮਲ ਕਰੋ।”
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 70ਵੀਂ ਸਾਲਾਨਾ ਕਨਵੋਕੇਸ਼ਨ ਵਿੱਚ ਉਪ ਰਾਸ਼ਟਰਪਤੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਉਪ ਰਾਸ਼ਟਰਪਤੀ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੇ ਉੱਘੇ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ ਡਾ. ਸੁਧਾ ਐੱਨ. ਮੂਰਤੀ ਨੂੰ ਆਨਰੇਰੀ ਕੌਸਾ (ਡਾਕਟਰ ਆਫ਼ ਲਿਟਰੇਚਰ) ਅਤੇ ਭਾਰਤ ਦੇ ਸਾਬਕਾ ਚੀਫ਼ ਜਸਟਿਸ ਅਤੇ ਸੰਸਦ ਮੈਂਬਰ (ਰਾਜ ਸਭਾ), ਸ਼੍ਰੀ ਰੰਜਨ ਗੋਗੋਈ ਨੂੰ ਆਨੋਰਿਸ ਕਾਸਾ (ਡਾਕਟਰ ਆਫ਼ ਲਾਅਜ਼) ਡਿਗਰੀਆਂ ਨਾਲ ਸਨਮਾਨਿਤ ਕੀਤਾ। ਸਭਾ ਨੂੰ ਸੰਬੋਧਨ ਕਰਦਿਆਂ, ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ “ਸਮਾਜ ਦੇ ਵਿਆਪਕ ਭਲੇ ਲਈ ਯੋਗਦਾਨ ਪਾਉਣ ਅਤੇ ਸਭ ਦੇ ਭਲੇ ਲਈ ਕੰਮ ਕਰਨ ਦੀ ਜ਼ਿੰਮੇਵਾਰੀ” ਬਾਰੇ ਯਾਦ ਦਿਵਾਇਆ। ਉਨ੍ਹਾਂ ਕਿਹਾ, “ਰਾਸ਼ਟਰ ਨੂੰ ਹਮੇਸ਼ਾ ਪਹਿਲ ਦੇਣ ਦੀ ਡੂੰਘੀ ਭਾਵਨਾ ਨੂੰ ਯਕੀਨੀ ਬਣਾਓ ਅਤੇ ਆਪਣੇ ਅੰਦਰ ਪੈਦਾ ਕਰੋ।”
ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਇੱਕ ਗੇਮ ਚੇਂਜਰ ਦੱਸਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਵਰਗਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਨੀਤੀ ਹਰ ਪੱਧਰ ‘ਤੇ ਸਿੱਖਿਆ ਨੂੰ ਬਦਲ ਰਹੀ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਪ੍ਰਣਾਲੀਗਤ ਸੁਧਾਰਾਂ ਅਤੇ ਸਕਾਰਾਤਮਕ ਸ਼ਾਸਨ ਉਪਾਵਾਂ ਨੇ ਭਰਪੂਰ ਲਾਭ ਦਿੱਤੇ ਹਨ ਅਤੇ ਕਿਹਾ ਕਿ ਭਾਰਤ “ਸਭ ਤੋਂ ਵੱਡਾ ਕਾਰਜਸ਼ੀਲ ਲੋਕਤੰਤਰ, ਅਵਸਰ ਅਤੇ ਨਿਵੇਸ਼ ਦੀ ਇੱਕ ਪਸੰਦੀਦਾ ਵਿਸ਼ਵ ਮੰਜ਼ਿਲ, ਅਤੇ ਵਿਸ਼ਵ ਆਰਥਿਕ ਵਿਕਾਸ ਵਿੱਚ ਇੱਕ ਚਮਕਦਾ ਸਿਤਾਰਾ ਹੈ।” ਰਤ ਵਿੱਚ ਡਿਜੀਟਲ ਪਰਿਵਰਤਨ ‘ਤੇ ਬੋਲਦੇ ਹੋਏ, ਉਪ ਰਾਸ਼ਟਰਪਤੀ ਨੇ ਆਈਐੱਮਐੱਫ ਦੁਆਰਾ ਭਾਰਤ ਦੇ ਡਿਜੀਟਲ ਵਿਕਾਸ ਨੂੰ “ਵਿਸ਼ਵ ਪੱਧਰੀ ਡਿਜੀਟਲ ਜਨਤਕ ਬੁਨਿਆਦੀ ਢਾਂਚੇ” ਵਜੋਂ ਮਾਨਤਾ ਦੇਣ ਦਾ ਹਵਾਲਾ ਦਿੱਤਾ, ਜੋ ਕਿ ਡਿਜੀਟਲ ਪਰਿਵਰਤਨ ਤੋਂ ਗੁਜ਼ਰ ਰਹੇ ਦੂਜੇ ਦੇਸ਼ਾਂ ਲਈ ਇੱਕ ਮਾਡਲ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਮੁਦਰਾ ਯੋਜਨਾ ਆਦਿ ਰਾਹੀਂ ਪ੍ਰਤੱਖ ਲਾਭ ਦੇ ਤਬਾਦਲੇ ਦਾ ਵੀ ਜ਼ਿਕਰ ਕੀਤਾ, ਜੋ ਭਾਰਤ ਦੇ ਬਦਲਦੇ ਸ਼ਾਸਨ ਮਾਡਲ ਨੂੰ ਦਰਸਾਉਂਦਾ ਹੈ, ਜਿਸ ਵਿੱਚ ਚੋਰੀ ਦੀ ਕੋਈ ਗੁੰਜਾਇਸ਼ ਨਹੀਂ ਹੈ।
ਆਪਣੇ ਸੰਬੋਧਨ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਕਨਵੋਕੇਸ਼ਨ ਪੰਜਾਬ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਪ੍ਰੋਫੈਸਰ ਰੇਣੂ ਵਿਗ ਦੀ ਅਗਵਾਈ ਵਿੱਚ ਕਰਵਾਈ ਜਾ ਰਹੀ ਹੈ। ਉਨ੍ਹਾਂ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਪੰਜਾਬ ਯੂਨੀਵਰਸਿਟੀ ਕੁਝ ਉੱਘੇ ਸਾਬਕਾ ਵਿਦਿਆਰਥੀਆਂ ਦਾ ਘਰ ਹੈ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਹੋਰ ਵਿਕਾਸ ਲਈ ਉਤਪ੍ਰੇਰਕ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਹਸਤਾਖਰ ਕੀਤੇ ਵੱਖ-ਵੱਖ ਸਮਝੌਤਿਆਂ ਅਤੇ ਉੱਚ ਊਰਜਾ ਖੋਜ ਪ੍ਰੋਗਰਾਮ ਜਿਹੇ ਅੰਤਰਰਾਸ਼ਟਰੀ ਪ੍ਰੋਜੈਕਟਾਂ ਵਿੱਚ ਇਸਦੀ ਭਾਗੀਦਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਉੱਤਮਤਾ ਨੂੰ ਅੱਗੇ ਵਧਾਉਣ ਲਈ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ।
ਆਪਣੇ ਦੌਰੇ ਦੌਰਾਨ ਉਪ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰਾਂ, ਸਿੰਡੀਕੇਟ ਮੈਂਬਰਾਂ, ਸਟੂਡੈਂਟਸ ਯੂਨੀਅਨ, ਟੀਚਰਜ਼ ਐਸੋਸੀਏਸ਼ਨ ਅਤੇ ਨਾਨ-ਟੀਚਰਜ਼ ਐਸੋਸੀਏਸ਼ਨ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਇਸ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ, ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ, ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ, ਭਾਰਤ ਸਰਕਾਰ, ਸ਼੍ਰੀ ਸੋਮ ਪ੍ਰਕਾਸ਼, ਸਿੱਖਿਆ ਮੰਤਰੀ, ਪੰਜਾਬ ਸਰਕਾਰ, ਸ਼੍ਰੀ ਹਰਜੋਤ ਸਿੰਘ ਬੈਂਸ, ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ ਪ੍ਰੋ. ਰੇਣੂ ਵਿਗ, ਪਦਮ ਭੂਸ਼ਣ ਐਵਾਰਡੀ ਡਾ. ਸੁਧਾ ਐੱਨ ਮੂਰਤੀ, ਭਾਰਤ ਦੇ ਸਾਬਕਾ ਚੀਫ਼ ਜਸਟਿਸ ਅਤੇ ਸੰਸਦ ਮੈਂਬਰ, ਸ਼੍ਰੀ ਰੰਜਨ ਗੋਗੋਈ ਅਤੇ ਹੋਰ ਪਤਵੰਤੇ ਹਾਜ਼ਰ ਸਨ।